ਸਨ ਫਰਾਂਸਿਸਕੋ (ਏਜੰਸੀ) : ਫੇਸਬੁੱਕ ਨੇ ਆਪਣੇ ਪਲੇਟਫਾਰਮ 'ਤੇ ਪਰਸਨੈਲਿਟੀ ਕੁਇਜ਼ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਪਿਛਲੇ ਸਾਲ ਬਰਤਾਨੀਆ ਫਰਮ ਕੈਂਬਰਿਜ ਐਨਾਲਿਟਿਕਾ ਵੱਲੋਂ ਫੇਸਬੁੱਕ ਯੂਜ਼ਰਸ ਦਾ ਡਾਟਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਉਣ ਪਿੱਛੋਂ ਸੋਸ਼ਲ ਮੀਡੀਆ ਕੰਪਨੀ ਨੇ ਇਹ ਫ਼ੈਸਲਾ ਕੀਤਾ ਹੈ। ਇਸ ਮਾਮਲੇ ਕਾਰਨ ਫੇਸਬੁੱਕ ਲੰਬੇ ਸਮੇਂ ਤੋਂ ਨਿਸ਼ਾਨੇ 'ਤੇ ਹੈ।
ਦੱਸਣਯੋਗ ਹੈ ਕਿ ਪਰਸਨੈਲਿਟੀ ਕੁਇਜ਼ ਐਪਸ ਰਾਹੀਂ ਯੂਜ਼ਰਸ ਤੋਂ ਉਸ ਦੇ ਸਿਆਸੀ ਅਤੇ ਨਿੱਜੀ ਪਸੰਦ ਨਾਲ ਸਬੰਧਿਤ ਸਵਾਲ ਪੁੱਛੇ ਜਾਂਦੇ ਹਨ। ਫਿਰ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਜਾਣਕਾਰੀਆਂ ਤੋਂ ਡਾਟਾ ਬੇਸ ਤਿਆਰ ਕੀਤਾ ਜਾਂਦਾ ਹੈ। 2014 'ਚ ਕੈਂਬਰਿਜ ਦੇ ਇਕ ਖੋਜਕਰਤਾ ਨੇ ਇਸੇ ਤਰ੍ਹਾਂ ਨਾਲ ਐਪ 'ਦਿਸ ਇਜ਼ ਯੋਰ ਡਿਜੀਟਲ ਲਾਈਫ਼' ਤੋਂ ਕਰੀਬ 8.7 ਕਰੋਡ਼ ਫੇਸਬੁੱਕ ਯੂਜ਼ਰਸ ਦਾ ਡਾਟਾ ਇਕੱਠਾ ਕੀਤਾ ਸੀ। ਫਿਰ ਉਸ ਡਾਟਾ ਨੂੰ ਕੈਂਬਰਿਜ ਐਨਾਲਿਟਿਕਾ ਨੂੰ ਸੌਂਪ ਦਿੱਤਾ।
ਉਸ ਡਾਟਾ ਦੀ ਵਰਤੋਂ 2016 'ਚ ਹੋਈ ਅਮਰੀਕੀ ਰਾਸ਼ਟਰਪਤੀ ਦੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਗਈ ਸੀ। ਇਸ ਮਾਮਲੇ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਦਿੱਗਜ ਕੰਪਨੀ ਫੇਸਬੁੱਕ ਨੇ ਆਖਿਰਕਾਰ ਪਰਸਨੈਲਿਟੀ ਕੁਇਜ਼ ਐਪਸ 'ਤੇ ਰੋਕ ਲਗਾ ਦਿੱਤੀ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਸ਼ੱਕੀ ਐਪ ਡਿਵੈਲਪਰ 'ਤੇ ਹੋ ਰਹੀ ਕਾਰਵਾਈ ਦੌਰਾਨ ਇਹ ਕਦਮ ਚੁੱਕਿਆ ਗਿਆ ਹੈ। ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਫੇਸਬੁੱਕ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਆਪਣੀਆਂ ਨੀਤੀਆਂ 'ਚ ਬਦਲਾਅ ਕੀਤਾ ਹੈ। ਇਸ ਤਹਿਤ ਘੱਟ ਉਪਯੋਗਤਾ ਵਾਲੇ ਐਪ ਜਿਵੇਂ ਪਰਸਨੈਲਿਟੀ ਕੁਇਜ਼ ਐਪ ਆਦਿ ਦੀ ਸਾਡੇ ਪਲੇਟਫਾਰਮ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਇਲਾਵਾ ਪੁਰਾਣੇ ਐਪ ਵੀ ਯੂਜ਼ਰਸ ਦੇ ਡਾਟਾ ਤਕ ਪਹੁੰਚ ਨਹੀਂ ਬਣਾ ਸਕਣਗੇ। ਜੇ ਕਿਸੇ ਯੂਜ਼ਰ ਨੇ 90 ਦਿਨਾਂ ਤੋਂ ਕੋਈ ਐਪ ਇਸਤੇਮਾਲ ਨਹੀਂ ਕੀਤਾ ਹੈ ਤਾਂ ਯੂਜ਼ਰ ਦੇ ਡਾਟਾ ਤਕ ਉਸ ਐਪ ਦੀ ਪਹੁੰਚ ਨਹੀਂ ਹੋਵੇਗੀ।